ਅਮਰਦਾਸ, ਗੁਰੂ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮਰਦਾਸ, ਗੁਰੂ (1479-1574 ਈ.): ਸਿੱਖ ਧਰਮ ਵਿਚ ਤੀਜੇ ਗੁਰੂ ਵਜੋਂ ਪ੍ਰਤਿਸ਼ਠਿਤ ਗੁਰੂ ਅਮਰਦਾਸ ਜੀ ਦੀ ਜਨਮ-ਤਿਥੀ ਬਾਰੇ ਵਿਦਵਾਨਾਂ ਵਿਚ ਮਤ-ਏਕਤਾ ਨਹੀਂ ਹੈ। ਮਹਾਨ ਕੋਸ਼ਕਾਰ ਭਾਈ ਕਾਨ੍ਹ ਸਿੰਘ ਨਾਭਾ ਨੇ ਆਪ ਦਾ ਜਨਮ 5 ਮਈ 1479 ਈ. (ਵੈਸਾਖ ਸੁਦਿ 14, ਸੰਮਤ 1536) ਮੰਨਿਆ ਹੈ ਜਦ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੂਰੀ ਤਰ੍ਹਾਂ ਘੋਖ ਕਰਵਾ ਕੇ 11 ਮਈ 1479 ਨੂੰ ਆਪ ਦਾ ਜਨਮ ਹੋਇਆ ਸਿੱਧ ਕੀਤਾ ਗਿਆ ਹੈ। ਆਪ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬਾਸਰਕੇ ਵਿਚ ਭੱਲਾ ਖਤ੍ਰੀ ਕੁਲ ਵਿਚ ਹੋਇਆ। ਆਪ ਦੇ ਦਾਦਾ ਦਾ ਨਾਂ ਹਰਿ ਜੀ ਅਤੇ ਪਿਤਾ ਦਾ ਨਾਂ ਤੇਜਭਾਨ ਸੀ। ਮਾਤਾ ਦੇ ਨਾਂ ਬਾਰੇ ਵਿਵਾਦ ਜ਼ਰੂਰ ਹੈ, ਪਰ ਅਧਿਕ ਪੁਰਾਤਨ ਲਿਖਿਤ ਕੇਸਰ ਸਿੰਘ ਛਿੱਬਰ ਕ੍ਰਿਤ ‘ਬੰਸਾਵਲੀਨਾਮਾ ਦਸਾਂ ਪਾਤਿਸ਼ਾਹੀਆਂ ਕਾ ’ ਦੇ ਆਧਾਰ’ਤੇ ਉਨ੍ਹਾਂ ਦਾ ਨਾਂ ‘ਲਖੋ’ ਸੀ। ਆਪ ਚੌਹਾਂ ਭਰਾਵਾਂ ਵਿਚੋਂ ਸਭ ਤੋਂ ਵੱਡੇ ਸਨ। ਵਪਾਰ ਅਤੇ ਖੇਤੀ ਕਰਨਾ ਆਪ ਦੇ ਪਿਤਰੀ ਕਿੱਤੇ ਸਨ। ਆਪ ਨੂੰ ਭਗਤੀ-ਭਾਵਨਾ ਅਤੇ ਕਰਮ-ਨਿਸ਼ਠਾ ਵਿਰਾਸਤ ਵਿਚ ਮਿਲੀਆਂ ਸਨ।

            ਆਪ ਦਾ ਵਿਆਹ 23 ਵਰ੍ਹਿਆਂ ਦੀ ਉਮਰ ਵਿਚ, ਸੰਨ 1502 ਈ. (11 ਮਾਘ , 1559 ਬਿ.) ਵਿਚ ਹੋਇਆ। ਆਪ ਦੀ ਪਤਨੀ ਦੇ ਨਾਂ ਬਾਰੇ ਤਿੰਨ ਮਤ ਪ੍ਰਚਲਿਤ ਹਨ — ਮਨਸਾ ਦੇਵੀ , ਮਾਲੀ ਅਤੇ ਰਾਮੋ, ਜੋ ਸਨਖਤਰਾ’ ਨਾਂ ਦੇ ਪਿੰਡ ਦੇ ਵਸਨੀਕ ਭਾਈ ਦੇਵੀ ਚੰਦ ਬਹਿਲ ਦੀ ਪੁੱਤਰੀ ਸੀ। ਰਾਮੋ (ਰਾਮ ਕੌਰ) ਨਾਂ ਦੀ ਪੁਸ਼ਟੀ ਅਧਿਕਾਂਸ਼ ਪੁਰਾਤਨ ਗ੍ਰੰਥਾਂ ਤੋਂ ਹੋਣ ਕਾਰਣ ਇਸ ਨੂੰ ਸਹੀ ਮੰਨਣਾ ਉਚਿਤ ਹੋਵੇਗਾ। ਇਹ ਇਕ ਨਿਸ਼ਠਾਵਾਨ ਅਤੇ ਭਗਤੀ ਭਾਵਨਾ ਵਾਲੀ ਇਸਤਰੀ ਸੀ। ਆਪ ਦੇ ਘਰ ਦੋ ਪੁੱਤਰ (ਮੋਹਨ ਅਤੇ ਮੋਹਰੀ) ਅਤੇ ਦੋ ਪੁੱਤਰੀਆਂ (ਦਾਨੀ ਅਤੇ ਭਾਨੀ) ਪੈਦਾ ਹੋਈਆਂ। ਬੀਬੀ ਭਾਨੀ ਦਾ ਵਿਆਹ ਭਾਈ ਜੇਠਾ ਨਾਲ ਕੀਤਾ ਗਿਆ ਜੋ ਬਾਦ ਵਿਚ ਚੌਥੇ ਗੁਰੂ ਬਣੇ।

            ਆਪ ਦਾ ਜੀਵਨ ਇਕ ਅਧਿਆਤਮਿਕ ਜਿਗਿਆਸੂ ਵਾਲਾ ਸੀ, ਆਪਣੇ ਕੰਮ-ਕਾਰ ਵਿਚੋਂ ਹਰਿ- ਭਗਤੀ ਲਈ ਵੀ ਅਵੱਸ਼ ਸਮਾਂ ਕਢ ਲੈਂਦੇ ਸਨ। ਸ਼ੁਰੂ ਵਿਚ ਆਪ ਦੀਆਂ ਰੁਚੀਆਂ ਵੈਸ਼ਣਵ ਭਗਤੀ ਵਾਲੀਆਂ ਸਨ। ਇਹੀ ਕਾਰਣ ਹੈ ਕਿ ਆਮ ਲੋਕਾਂ ਵਿਚ ਆਪ ਭਗਤ ਅਮਰਦਾਸ ਵਜੋਂ ਪ੍ਰਸਿੱਧ ਸਨ ਅਤੇ ਤੀਰਥ-ਯਾਤ੍ਰਾ ਲਈ ਵਿਸ਼ੇਸ਼ ਉਦਮ ਕਰਦੇ ਸਨ। ਆਪ ਹਰਿਦੁਆਰ ਦੀ ਯਾਤ੍ਰਾ ਉਤੇ ਹਰ ਵਰ੍ਹੇ ਜਾਇਆ ਕਰਦੇ ਸਨ। ਆਪਣੀ ਆਖ਼ੀਰਲੀ (20ਵੀਂ) ਯਾਤ੍ਰਾ ਵੇਲੇ ਜਦ ਆਪ ਹਰਿਦੁਆਰੋਂ ਪੰਜਾਬ ਪਰਤ ਰਹੇ ਸਨ ਤਾਂ ਕੁਰੁਕੑਸ਼ੇਤ੍ਰ ਵਿਚ ਇਕ ਸਾਧੂ ਨਾਲ ਹੋਈ ਭੇਂਟ ਕਾਰਣ ਆਪਣੇ ਨਿਗੁਰੇ-ਪਨ ਨੂੰ ਦੂਰ ਕਰਨ ਲਈ ਆਪ ਨੇ ਗੁਰੂ ਜੀ ਲੋੜ ਨੂੰ ਅਨੁਭਵ ਕੀਤਾ ਅਤੇ ਬੀਬੀ ਅਮਰੋ (ਗੁਰੂ ਅੰਗਦ ਦੇਵ ਜੀ ਦੀ ਸੁਪੁੱਤਰੀ) ਤੋਂ ਗੁਰੂ ਨਾਨਕ ਬਾਣੀ ਦਾ ਪਾਠ ਸੁਣ ਕੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਲਈ ਖਡੂਰ ਸਾਹਿਬ ਪਹੁੰਚੇ ਅਤੇ 61 ਵਰ੍ਹਿਆਂ ਦੀ ਉਮਰ ਵਿਚ (ਸੰਨ 1540 ਈ.) ਆਪਣੇ ਤੋਂ 25 ਵਰ੍ਹੇ ਛੋਟੇ ਅਤੇ ਰਿਸ਼ਤੇ ਵਜੋਂ ਕੁੜਮ ਨੂੰ ਗੁਰੂ ਧਾਰਣ ਕੀਤਾ ਅਤੇ ਉਨ੍ਹਾਂ ਦੀ ਸੇਵਾ ਨੂੰ ਆਪਣਾ ਪਰਮ ਪੁਰਸ਼ਾਰਥ ਬਣਾ ਲਿਆ। ਰਾਤ-ਦਿਨ ਲਿੰਗਰ ਦੀ ਸੇਵਾ ਕਰਦੇ ਅਤੇ ਸਵੇਰੇ ਗੁਰੂ ਸਾਹਿਬ ਨੂੰ ਇਸ਼ਨਾਨ ਕਰਾਉਣ ਲਈ ਨੌਂ ਕਿਲੋਮੀਟਰ ਦੂਰ ਬਿਆਸ ਨਦੀ ਤੋਂ ਜਲ ਲਿਆਉਂਦੇ। ਇਸ ਸੇਵਾ-ਸਾਧਨਾ ਕਰਕੇ ਸਿੱਖ-ਸੇਵਕਾਂ ਵਿਚ ਆਪ ਦਾ ਮਾਣ ਬਹੁਤ ਵਧ ਗਿਆ, ਪਰ ਗੁਰੂ-ਪੁੱਤਰਾਂ ਨੂੰ ਗੁਰੂ-ਪਦਵੀ ਤੋਂ ਵੰਚਿਤ ਹੋਣ ਦੀ ਸ਼ੰਕਾ ਹੋਣ ਲਗੀ। ਫਲਸਰੂਪ, ਆਪ ਪ੍ਰਤਿ ਉਨ੍ਹਾਂ ਦੇ ਮਨ ਵਿਚ ਵੈਰ-ਭਾਵ ਵਿਕਸਿਤ ਹੋ ਗਿਆ। ਇਸ ਸਥਿਤੀ ਨੂੰ ਵੇਖ ਕੇ ਆਪ ਨੂੰ ਗੁਰੂ ਅੰਗਦ ਦੇਵ ਜੀ ਨੇ ਬਿਆਸ ਨਦੀ ਦੇ ਕੰਢੇ ਇਕ ਨਵਾਂ ਪਿੰਡ (ਗੋਇੰਦਵਾਲ) ਵਸਾਉਣ ਲਈ ਭੇਜ ਦਿੱਤਾ।

            ਲਗਭਗ ਯਾਰ੍ਹਾਂ ਵਰ੍ਹਿਆਂ ਦੀ ਨਿਸ਼ਕਾਮ ਸੇਵਾ- ਸਾਧਨਾ ਅਤੇ ਅਧਿਆਤਮਿਕ ਪਰਿਪਕਤਾ ਦੇ ਫਲਸਰੂਪ ਆਪ ਨੂੰ ਗੁਰੂ ਅੰਗਦ ਦੇਵ ਜੀ ਨੇ 29 ਮਾਰਚ 1552 (ਚੇਤ ਸੁਦਿ 4, 1609 ਬਿ.) ਨੂੰ ਗੁਰੂ-ਗੱਦੀ ਸੌਂਪ ਕੇ ਇਹ- ਲੀਲਾ ਸਮਾਪਤ ਕੀਤੀ। ਗੁਰੂ-ਪੁੱਤਰਾਂ (ਦਾਤੂ ਅਤੇ ਦਾਸੂ) ਦੇ ਵੈਰ- ਭਾਵ ਕਾਰਣ ਆਪ ਨੇ ਖਡੂਰ ਸਾਹਿਬ ਦੀ ਥਾਂ ਗੋਇੰਦਵਾਲ ਨੂੰ ਆਪਣਾ ਪ੍ਰਚਾਰ ਕੇਂਦਰ ਬਣਾਇਆ। ਜਦੋਂ ਉਥੇ ਵੀ ਦਾਤੂ ਨੇ ਦੁਰਵਿਵਹਾਰ ਕੀਤਾ ਤਾਂ ਆਪ ਆਪਣੇ ਜੱਦੀ ਪਿੰਡ ‘ਬਾਸਰਕੇ’ ਚਲੇ ਗਏ ਅਤੇ ਆਪਣੇ ਆਪ ਨੂੰ ਇਕ ਕੋਠੇ ਵਿਚ ਬੰਦ ਕਰ ਲਿਆ। ਪਰ ਬਾਬਾ ਬੁੱਢਾ ਅਤੇ ਹੋਰ ਮੁੱਖ ਸੇਵਕਾਂ ਨੇ ਯਤਨ ਕਰਕੇ ਆਪ ਨੂੰ ਵਾਪਸ ਗੋਇੰਦਵਾਲ ਲਿਆਉਂਦਾ।

            ਗੋਇੰਦਵਾਲ ਪਰਤ ਕੇ ਆਪ ਨੇ ਧਰਮ-ਪ੍ਰਚਾਰ ਨੂੰ ਵਿਵਸਥਿਤ ਰੂਪ ਪ੍ਰਦਾਨ ਕਰਨ ਲਈ ਸਾਰੇ ਸਿੱਖ-ਜਗਤ ਨੂੰ 22 ਖੇਤਰਾਂ ਵਿਚ ਵੰਡ ਦਿੱਤਾ ਅਤੇ ਉਨ੍ਹਾਂ ਦਾ ਕਾਰਜ-ਭਾਰ ਸੰਭਾਲਣ ਲਈ ਆਪਣੇ ਵਿਸ਼ਵਸਤ ਸਾਧਕਾਂ ਨੂੰ ਨਿਯੁਕਤ ਕੀਤਾ। ਇਹ ਕੇਂਦਰ ਸਿੱਖ ਇਤਿਹਾਸ ਵਿਚ ‘ਮੰਜੀਆਂ ’ ਦੇ ਨਾਂ ਨਾਲ ਪ੍ਰਸਿੱਧ ਹੋਏ। ਕੁਝ ਵਿਦਵਾਨਾਂ ਦੀ ਇਹ ਵੀ ਧਾਰਣਾ ਹੈ ਕਿ ਗੁਰੂ ਜੀ ਨੇ ਮੰਜੀਆਂ ਦੇ ਨਾਲ ਨਾਲ ਇਸਤਰੀਆਂ ਵਿਚ ਪ੍ਰਚਾਰ ਕਰਨ ਲਈ ਤਪਸਵਨੀ ਇਸਤਰੀਆਂ ਨੂੰ ਵੀ ਨਿਯੁਕਤ ਕੀਤਾ ਅਤੇ ਉਨ੍ਹਾਂ ਦੇ ਆਸਣ ‘ਪੀੜ੍ਹਿਆਂ’ ਦੇ ਨਾਂ ਨਾਲ ਪ੍ਰਸਿੱਧ ਹੋਏ। ਆਪ ਨੇ ਸਮਾਜ-ਸੁਧਾਰ ਵਲ ਉਚੇਚਾ ਧਿਆਨ ਦਿੱਤਾ। ਇਸਤਰੀਆਂ ਦੀ ਸਮਾਜਿਕ ਸਥਿਤੀ ਨੂੰ ਸੁਧਾਰਨ ਲਈ ਅਹਿਮ ਭੂਮਿਕਾ ਨਿਭਾਈ। ਛੂਤ-ਛਾਤ ਅਤੇ ਜਾਤਿ-ਭੇਦ-ਭਾਵ ਦੇ ਵਿਰੁੱਧ ਸ਼ਿਦਤ ਨਾਲ ਪ੍ਰਚਾਰ ਕਰਕੇ ਲੋਕਾਂ ਨੂੰ ਇਕ ਦੂਜੇ ਦੇ ਨੇੜੇ ਲਿਆਉਂਦਾ ਅਤੇ ਇਸ ਭਾਵ ਨੂੰ ਦ੍ਰਿੜ੍ਹ ਕਰਨ ਲਈ ਪੰਗਤ ਵਿਚ ਬੈਠ ਕੇ ਲਿੰਗਰ ਛਕਣ ਉਪਰੰਤ ਗੁਰੂ-ਦਰਬਾਰ ਵਿਚ ਪ੍ਰਵੇਸ਼ ਕਰਨ ਦੀ ਤਾਕੀਦ ਕੀਤੀ। ਕਹਿੰਦੇ ਹਨ ਜਦੋਂ ਅਕਬਰ ਬਾਦਸ਼ਾਹ ਗੁਰੂ-ਦਰਸ਼ਨ ਲਈ ਆਇਆ ਤਾਂ ਉਸ ਨੇ ਵੀ ਪੰਗਤ ਵਿਚ ਬੈਠ ਕੇ ਲਿੰਗਰ ਛਕਿਆ। ਸਤੀ ਵਰਗੀ ਰਸਮ ਨੂੰ ਖ਼ਤਮ ਕਰਨ ਉਤੇ ਬਲ ਦਿੱਤਾ। ਲੋਕਾਂ ਦੇ ਆਤਮਿਕ ਕਲਿਆਣ ਲਈ ਚੌਰਾਸੀ ਪੌੜੀਆਂ ਦੀ ਬਾਉਲੀ ਬਣਵਾਈ। ਫਿਰ ਗੁਰੂ-ਚਕ ਦਾ ਨਿਰਮਾਣ ਕਰਨ ਦੀ ਯੋਜਨਾ ਬਣਾਈ। ਗਿਲਵਾਲੀ, ਸੁਲਤਾਨਵਿੰਡ , ਤੁੰਗ , ਗੁਮਟਾਲਾ ਆਦਿ ਪਿੰਡਾਂ ਦੇ ਮੁਖੀਆਂ ਨੂੰ ਬੁਲਾ ਕੇ ਚਕ ਦਾ ਸਥਾਨ ਨਿਸਚਿਤ ਕੀਤਾ ਅਤੇ ਨਿਰਮਾਣ- ਕਾਰਜ ਦੀ ਜ਼ਿੰਮੇਵਾਰੀ ਭਾਈ ਜੇਠਾ ਜੀ (ਗੁਰੂ ਰਾਮਦਾਸ) ਨੂੰ ਸੰਨ 1570 ਈ. ਵਿਚ ਸੌਂਪੀ।

            ਗੁਰੂ ਜੀ ਨੇ ਬਾਣੀ ਨੂੰ ਰਲਿਆਂ ਤੋਂ ਬਚਾਉਣ ਲਈ ਉਸ ਦੇ ਸੰਕਲਨ ਦੀ ਯੋਜਨਾ ਬਣਾਈ ਅਤੇ ਆਪਣੇ ਪੋਤਰੇ (ਬਾਬਾ ਮੋਹਨ ਦੇ ਪੁੱਤਰ) ‘ਸੰਸਰਾਮ ’ (ਵੇਖੋ) ਨੂੰ ਪੋਥੀਆਂ ਲਿਖਣ ਦਾ ਕੰਮ ਸੌਂਪਿਆ। ਇਹ ਪੋਥੀਆਂ ਗੁਰੂ ਅਮਰਦਾਸ ਜੀ ਦੇ ਪੁੱਤਰਾਂ ਪਾਸ ਹੀ ਰਹੀਆਂ ਜਿਨ੍ਹਾਂ ਵਿਚੋਂ ਹੁਣ ਇਕ ਬਾਬਾ ਭਗਤ ਸਿੰਘ ਦੇ ਪੁੱਤਰਾਂ (ਕੰਵਰਜੀਤ ਸਿੰਘ, ਜਗਜੀਤ ਸਿੰਘ, ਅਮਰਜੀਤ ਸਿੰਘ) ਕੋਲ ਪੰਜੌਰ ਵਿਚ ਅਤੇ ਦੂਜੀ ਪੋਥੀ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਮੰਡੀ ਦਾਰਾਪੁਰ ਦੇ ਬਾਬਾ ਦਲੀਪ ਸਿੰਘ ਦੀ ਸੰਤਾਨ (ਪੜਪੋਤਾ ਵਿਨੋਦ ਕੁਮਾਰ ਭੱਲਾ) ਪਾਸ ਜਲਿੰਧਰ ਵਿਚ ਸੁਰਖਿਅਤ ਹਨ। ਵਿਸਤਾਰ ਲਈ ਵੇਖੋ ‘ਬਾਬੇ ਮੋਹਨ ਵਾਲੀਆਂ ਪੋਥੀਆਂ ’।

            ਆਪਣਾ ਅੰਤ-ਕਾਲ ਨੇੜੇ ਆਇਆ ਵੇਖ ਕੇ ਗੁਰੂ ਜੀ ਨੇ ਆਪਣੇ ਸਾਰੇ ਸੰਬੰਧੀਆਂ ਅਤੇ ਮੁੱਖ ਸੇਵਕਾਂ ਨੂੰ ਬੁਲਾ ਕੇ ਗੁਰੂ-ਪਦਵੀ ਆਪਣੇ ਜਵਾਈ ਭਾਈ ਜੇਠਾ ਜੀ ਨੂੰ ਪ੍ਰਦਾਨ ਕੀਤੀ। ਗੁਰੂ-ਪੁੱਤਰਾਂ ਵਿਚੋਂ ਬਾਬਾ ਮੋਹਰੀ ਨੇ ਤਾਂ ਪਿਤਾ ਦਾ ਆਦੇਸ਼ ਮੰਨ ਲਿਆ ਪਰ ਬਾਬਾ ਮੋਹਨ ਨੇ ਇਸ ਫ਼ੈਸਲੇ ਨਾਲ ਸਮਝੌਤਾ ਨ ਕੀਤਾ ਅਤੇ ਅੰਦਰੋਂ-ਅੰਦਰ ਵੈਰ ਦੀ ਭਾਵਨਾ ਵਿਕਸਿਤ ਕਰਦਾ ਰਿਹਾ। 1 ਸੰਤਬਰ 1574 ਈ. (ਸੰ. 1631 ਭਾਦੋਂ ਸੁਦਿ ਪੂਰਣਿਮਾ) ਵਾਲੇ ਦਿਨ ਗੁਰੂ ਜੀ ਨੇ ਭੌਤਿਕ ਸ਼ਰੀਰ ਤਿਆਗਣ ਤੋਂ ਪਹਿਲਾਂ ਸਭ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿਛੋਂ ਪਰੰਪਰਾਗਤ ਮ੍ਰਿਤ-ਸੰਕਾਰ ਕਰਨ ਦੀ ਥਾਂ ਹਰਿ-ਜਸ ਗਾਉਣ ਵਿਚ ਰੁਚੀ ਰਖਣਾ।

            ਵਿਅਕਤਿਤਵ: ਗੁਰੂ ਜੀ ਦਾ ਵਿਅਕਤਿਤਵ ਇਕ ਅਨੁਭਵੀ ਅਤੇ ਸਹਿਜ ਸਾਧਕ ਵਾਲਾ ਸੀ। ਆਪ ਦੀ ਕਥਨੀ ਅਤੇ ਕਰਨੀ ਵਿਚ ਕਿਸੇ ਪ੍ਰਕਾਰ ਦਾ ਕੋਈ ਅੰਤਰ ਨਹੀਂ ਸੀ। ਵਰਣਾਸ਼੍ਰਮ-ਵਿਧਾਨ ਅਤੇ ਵਖ-ਵਖ ਧਰਮਾਂ ਦੁਆਰਾ ਫੈਲਾਈ ਭੇਦ-ਬੁੱਧੀ ਨੂੰ ਦੂਰ ਕਰਨ ਲਈ ਆਪ ਸਦਾ ਪ੍ਰਯਤਨਸ਼ੀਲ ਰਹੇ। ਆਪ ਸੁਧਾਰਵਾਦੀ, ਯੋਗ-ਪ੍ਰਬੰਧਕ ਅਤੇ ਪ੍ਰਵੀਣ-ਵਿਵਸਥਾਪਕ ਸਨ। ਆਪ ਦੇ ਤੇਜਸਵੀ ਵਿਅਕਤਿਤਵ ਨੂੰ ਚਿਤਰਦਿਆਂ ਕੀਰਤ ਭੱਟ ਨੇ ਕਿਹਾ ਹੈ — ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਉ ਜਹ ਕਹ ਤਹ ਭਰਪੂਰੁ ਸਬਦੁ ਦੀਪਕਿ ਦੀਪਾਯਉ ਜਿਹ ਸਿਖਰ ਸੰਗ੍ਰਹਿਓ ਤਤੁ ਹਰਿ ਚਰਣ ਮਿਲਾਯਉ ਨਾਨਕ ਕੁਲ ਨਿੰਮਲੁ ਅਵਤਰਿਉ ਅੰਗਦ ਲਹਣੇ ਸੰਗਿ ਹੁਅ ਗੁਰ ਅਮਰਦਾਸ ਤਾਰਣ ਤਰਣ ਜਨਮ ਜਨਮ ਪਾ ਸਰਣਿ ਤੁਅ (ਗੁ. ਗ੍ਰੰ.1395)।

          ਬਾਣੀ ਬਿਉਰਾ: ਆਪ ਨੇ ਗੁਰੂ-ਗੱਦੀ ਉਪਰ ਬੈਠਣ ਉਪਰੰਤ ਆਪਣੇ ਰਹੱਸਵਾਦੀ ਅਨੁਭਵ ਨੂੰ ਬਾਣੀ ਰਾਹੀਂ ਅਭਿਵਿਅਕਤ ਕਰਨਾ ਸ਼ੁਰੂ ਕੀਤਾ। ਆਪ ਦੀ 18 ਰਾਗਾਂ ਵਿਚ ਰਚੀ ਬਾਣੀ ਗੁਰੂ-ਗ੍ਰੰਥ ਸਾਹਿਬ ਵਿਚ ਹੇਠ ਲਿਖੇ ਰਾਗ-ਕ੍ਰਮ ਅਨੁਸਾਰ ਦਰਜ ਹੈ :

(1)     ਸਿਰੀ ਰਾਗ: ਚਉਪਦੇ-31, ਅਸ਼ਟਪਦੀਆਂ-8, ਸ਼ਲੋਕ-33 (ਵਾਰ ਮ.੫ ਵਿਚ) = 72

(2)     ਮਾਝ ਰਾਗ: ਅਸ਼ਟਪਦੀਆਂ-32, ਸ਼ਲੋਕ-3 (ਵਾਰ ਮ.੧ ਵਿਚ) = 35

(3)     ਗਉੜੀ ਰਾਗ: ਚਉਪਦੇ-18, ਅਸ਼ਟਪਦੀਆਂ- 9, ਛੰਤ-5, ਸ਼ਲੋਕ-7 (ਵਾਰ ਮ.੫ ਵਿਚ)=39

(4)     ਆਸਾ ਰਾਗ: ਚਉਪਦੇ-13, ਅਸ਼ਟਪਦੀਆਂ- 15, ਪਦੇ-18 (‘ਪਟੀ ’ ਵਿਚ), ਛੰਤ-2=48

(5)     ਗੂਜਰੀ ਰਾਗ: ਚਉਪਦੇ-7, ਅਸ਼ਟਪਦੀ-1, ਪਉੜੀਆਂ-22, ਸ਼ਲੋਕ-43 (ਵਾਰ ਮ.੩ ਵਿਚ) =73

(6)    ਬਿਹਾਗੜਾ ਰਾਗ: ਸ਼ਲੋਕ-33 (ਵਾਰ ਮ.੫ ਵਿਚ) = 33

(7)     ਵਡਹੰਸ ਰਾਗ: ਚਉਪਦੇ-9, ਅਸ਼ਟਪਦੀਆਂ- 2, ਛੰਤ-6, ਅਲਾਹਣੀਆਂ-4, ਸ਼ਲੋਕ-40 (ਵਾਰ ਮ.੫ ਵਿਚ) = 61

(8)     ਸੋਰਠ ਰਾਗ: ਚਉਪਦੇ-12, ਅਸ਼ਟਪਦੀਆਂ- 3, ਸ਼ਲੋਕ-48 (ਵਾਰ ਮ.੫ ਵਿਚ) = 63

(9)    ਧਨਾਸਰੀ ਰਾਗ: ਚਉਪਦੇ-9=9

(10)   ਸੂਹੀ ਰਾਗ: ਅਸ਼ਟਪਦੀਆ-4, ਛੰਤ-7, ਪਉੜੀਆਂ -20, ਸ਼ਲੋਕ-15 (ਵਾਰ ਮ.੩ ਵਿਚ) = 46

(11)    ਬਿਲਾਵਲ ਰਾਗ: ਚਉਪਦੇ-6, ਅਸ਼ਟਪਦੀ-1, ਪਦੇ-20 (ਸਤਵਾਰਿਆਂ ਵਿਚ), ਸ਼ਲੋਕ-24 (ਵਾਰ ਮ.੪ ਵਿਚ) = 51

(12)   ਰਾਮਕਲੀ ਰਾਗ: ਚਉਪਦਾ-1, ਅਸ਼ਟਪਦੀਆਂ -5, ਪਦੇ-40 (‘ਅਨੰਦੁ ’ ਬਾਣੀ ਵਿਚ), ਪਉੜੀਆ-21, ਸ਼ਲੋਕ-24 (ਵਾਰ ਮ.੩ ਵਿਚ)=91

(13)   ਮਾਰੂ ਰਾਗ: ਚਉਪਦੇ-5, ਅਸ਼ਟਪਦੀ-1, ਸੋਲਹੇ -24, ਪਉੜੀਆਂ-22, ਸ਼ਲੋਕ-23 (ਵਾਰ ਮ.੩ ਵਿਚ)=75

(14)   ਭੈਰਉ ਰਾਗ: ਚਉਪਦੇ-21, ਅਸ਼ਟਪਦੀਆਂ-2=23

(15)   ਬਸੰਤ ਰਾਗ: ਅਸ਼ਟਪਦੀਆਂ-3, ਸ਼ਲੋਕ-23 (ਵਾਰ ਮ.੫ ਵਿਚ) = 26

(16)   ਮਲਾਰ ਰਾਗ: ਚਉਪਦੇ-13, ਅਸ਼ਟਪਦੀਆਂ- 3, ਸ਼ਲੋਕ-27 (ਵਾਰ ਮ.੧ ਵਿਚ) = 43

(17)   ਪ੍ਰਭਾਤੀ ਰਾਗ: ਚਉਪਦੇ-7, ਅਸ਼ਟਪਦੀਆਂ-2=9

            ਰਾਗਾਂ ਤੋਂ ਵਾਧੂ ਬਾਣੀਆਂ ਵਿਚ ਆਪ ਜੀ ਦੀ ਰਚਨਾ ਦਾ ਵੇਰਵਾ ਇਸ ਪ੍ਰਕਾਰ ਹੈ :

(1)    ਸ਼ਲੋਕ-ਕਬੀਰ ਪ੍ਰਸੰਗ ਵਿਚ ਆਪ ਜੀ ਦਾ ਇਕ ਸ਼ਲੋਕ ਕ੍ਰਮਾਂਕ 220 ਉਤੇ ਹੈ = 1

(2)   ਸ਼ਲੋਕ-ਫ਼ਰੀਦ ਪ੍ਰਸੰਗ ਵਿਚ ਆਪ ਜੀ ਦੇ ਪੰਜ ਸ਼ਲੋਕ ਸ਼ਾਮਲ ਹਨ। ਇਨ੍ਹਾਂ ਵਿਚੋਂ ਕ੍ਰਮਾਂਕ 52 ਰਾਮਕਲੀ ਵਾਰ ਮ.੩ ਵਿਚ ਅਤੇ ਕ੍ਰਮਾਂਕ 122 ਤੇ 123 ਵਡਹੰਸ ਵਾਰ ਮ.੪ ਵਿਚ ਪਹਿਲਾਂ ਗਿਣੇ ਜਾ ਚੁਕੇ ਹਨ। ਬਾਕੀ ਦੇ ਦੋ ਸ਼ਲੋਕ ਕ੍ਰਮਾਂਕ 13 ਅਤੇ 104 ਉਤੇ ਹਨ = 2

(3)   ‘ਸ਼ਲੋਕ ਵਾਰਾਂ ਤੇ ਵਧੀਕ’ ਪ੍ਰਸੰਗ ਵਿਚ ਆਪ ਜੀ ਦੇ ਕੁਲ 67 ਸ਼ਲੋਕ ਹਨ, ਜਿਨ੍ਹਾਂ ਵਿਚੋਂ ਤਿੰਨ (ਦੋ ਰਾਮਕਲੀ ਵਾਰ ਮ. ੩ ਅਤੇ ਇਕ ਮਾਰੂ ਵਾਰ ਮ. ੩ ਵਿਚ) ਉਪਰ ਗਿਣੇ ਜਾ ਚੁਕੇ ਹਨ। ਬਾਕੀ ਦੇ 64 ਸ਼ਲੋਕਾਂ ਤੋਂ ਇਲਾਵਾ ਇਕ ਸ਼ਲੋਕ ਇਸੇ ਪ੍ਰਸੰਗ ਦੇ ਗੁਰੂ ਨਾਨਕ ਦੇਵ ਜੀ ਦੇ ਸ਼ਲੋਕਾਂ ਨਾਲ ਕ੍ਰਮਾਂਕ 28 ਉਤੇ ਵੀ ਆਇਆ ਹੈ = 65

            ਸਮੁੱਚੇ ਤੌਰ ’ਤੇ ਗੁਰੂ ਸਾਹਿਬ ਦੇ ਸ਼ਬਦਾਂ/ਸ਼ਲੋਕਾਂ ਦੀ ਕੁਲ ਗਿਣਤੀ 885 ਹੈ ਜਿਨ੍ਹਾਂ ਵਿਚ 172 ਚਉਪਦੇ , 91 ਅਸ਼ਟਪਦੀਆਂ, 24 ਸੋਲਹੇ, 78 ਪਦੇ , 4 ਅਲਾਹਣੀਆਂ , 20 ਛੰਤ , 411 ਸ਼ਲੋਕ ਅਤੇ 85 ਪਉੜੀਆਂ ਹਨ। ਸੁਤੰਤਰ ਨਾਂਵਾਂ ਵਾਲੀਆਂ ਬਾਣੀਆਂ ਦੀ ਗਿਣਤੀ ਅੱਠ ਹੈ ਜਿਵੇਂ ਪਟੀ, ਗੂਜਰੀ ਕੀ ਵਾਰ, ਅਲਾਹਣੀਆਂ, ਸੂਹੀ ਕੀ ਵਾਰ, ਸਤਵਾਰੇ, ਅਨੰਦੁ, ਰਾਮਕਲੀ ਕੀ ਵਾਰ ਅਤੇ ਮਾਰੂ ਕੀ ਵਾਰ। ਇਨ੍ਹਾਂ ਰਚਨਾਵਾਂ ਬਾਰੇ ਵਿਸਤਾਰ ਲਈ ਵੇਖੋ ਇਨ੍ਹਾਂ ਦੇ ਇੰਦਰਾਜ।

            ਵਿਚਾਰਧਾਰਾ: ਗੁਰੂ ਅਮਰਦਾਸ ਜੀ ਦੀ ਵਿਚਾਰਧਾਰਾ ਦਾ ਮੂਲਾਧਾਰ ਗੁਰੂ ਨਾਨਕ ਦੇਵ ਜੀ ਦੀ ਅਧਿਆਤਮਿਕ ਵਿਚਾਰਧਾਰਾ ਹੈ ਜੋ ਆਪ ਨੂੰ ਵਿਰਾਸਤ ਵਿਚ ਮਿਲੀ ਸੀ ਅਤੇ ਉਸੇ ਦਾ ਗੁਰੂ ਜੀ ਨੇ ਆਪਣੇ ਢੰਗ ਨਾਲ ਵਿਸਤਾਰ ਕੀਤਾ ਹੈ। ਗੁਰੂ ਜੀ ਅਨੁਸਾਰ ਪਰਮ-ਸੱਤਾ ਨਿਰਗੁਣ, ਨਿਰਾਕਾਰ, ਅਕਥਨੀ, ਅਗੋਚਰ , ਅਲੱਖ , ਅਗੰਮ ਹੈ। ਇਹ ਸਾਰਾ ਸੰਸਾਰ ਉਸ ਦਾ ਹੀ ਰੂਪ ਅਤੇ ਖੇਲ-ਪਸਾਰਾ ਹੈ। ਗੁਰੂ ਦੀ ਕ੍ਰਿਪਾ ਦੁਆਰਾ ਇਸ ਭੇਦ ਨੂੰ ਜਾਣਿਆ ਜਾ ਸਕਦਾ ਹੈ — ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ਗੁਰਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਕੋਈ (ਗੁ.ਗ੍ਰੰ.922)। ਇਸ ਸ੍ਰਿਸ਼ਟੀ ਦੇ ਸੰਚਾਲਨ, ਪਾਲਨ, ਵਿਨਾਸ਼, ਰਖਿਆ ਕਰਨ ਦੀ ਸ਼ਕਤੀ ਕੇਵਲ ਪਰਮਾਤਮਾ ਪਾਸ ਹੈ। ਬਹੁ-ਦੇਵਵਾਦ ਅਤੇ ਅਵਤਾਰਵਾਦ ਦਾ ਗੁਰੂ ਜੀ ਨੇ ਖੰਡਨ ਕੀਤਾ ਹੈ ਅਤੇ ਦਸਿਆ ਹੈ ਕਿ ਦੇਵਤੇ ਅਸਲ ਵਿਚ ਤ੍ਰਿਗੁਣਾਤਮਕ ਭਰਮ ਵਿਚ ਗ੍ਰਸੇ ਆਪਣੇ ਮੂਲ ਉਦੇਸ਼ ਨੂੰ ਭੁਲਾ ਬੈਠੇ ਹਨ— ਬ੍ਰਹਮਾ ਬਿਸਨੁ ਮਹੇਸੁ ਤ੍ਰੈ ਮੂਰਤਿ ਤ੍ਰਿਗੁਣਿ ਭਰਮਿ ਭੁਲਾਈ (ਗੁ.ਗ੍ਰੰ.909)।

            ਸ੍ਰਿਸ਼ਟੀ ਦੀ ਸਿਰਜਨਾ ਪਰਮਾਤਮਾ ਦੁਆਰਾ ਮੰਨ ਕੇ ਗੁਰੂ ਜੀ ਨੇ ਸ੍ਰਿਸ਼ਟੀ ਦੀ ਪੂਰਵ-ਅਵਸਥਾ ਦਾ ਚਿਤ੍ਰਣ ਕਰਦੇ ਹੋਇਆਂ ਦਸਿਆ ਹੈ ਕਿ ਉਦੋਂ ਆਕਾਸ਼, ਪਾਤਾਲ , ਤਿੰਨ ਲੋਕ ਆਦਿ ਕਿਸੇ ਦੀ ਵੀ ਉਤਪੱਤੀ ਨਹੀਂ ਹੋਈ ਸੀ, ਉਸ ਸਮੇਂ ਕੇਵਲ ਨਿਰਾਕਾਰ ਬ੍ਰਹਮ ਹੀ ਸੀ— ਤਦਹੁ ਆਕਾਸੁ ਪਾਤਾਲੁ ਹੈ ਨਾ ਤ੍ਰੈ ਲੋਈ ਤਦਹੁ ਆਪੇ ਆਪਿ ਨਿਰੰਕਾਰੁ ਹੈ ਨਾ ਓਪਤਿ ਹੋਈ (ਗੁ.ਗ੍ਰੰ.509)। ਇਹ ਸਾਰੀ ਸ੍ਰਿਸ਼ਟੀ ਸ਼ਬਦ , ਨਾਮ ਅਥਵਾ ਹੁਕਮ ਆਦਿ ਰਾਹੀਂ ਹੋਂਦ ਵਿਚ ਆਈ ਅਤੇ ਉਸੇ ਦੁਆਰਾ ਅਨੁਸ਼ਾਸਿਤ ਹੈ। ਇਹ ਸੰਸਾਰ ਪਰਮਾਰਥਿਕ ਦ੍ਰਿਸ਼ਟੀ ਤੋਂ ਮਿਥਿਆ ਅਤੇ ਵਿਵਹਾਰਿਕ ਦ੍ਰਿਸ਼ਟੀ ਤੋਂ ਸੱਚਾ ਹੈ ਕਿਉਂਕਿ ਵਿਵਹਾਰ ਵਿਚ ਇਸ ਦੀ ਹੋਂਦ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।

            ਮਨੁੱਖ ਨੂੰ ਗੁਰੂ ਜੀ ਨੇ ਹੋਰਨਾਂ ਪ੍ਰਾਣੀਆਂ ਦੇ ਮੁਕਾਬਲੇ ਬਹੁਤ ਗੌਰਵ ਪ੍ਰਦਾਨ ਕੀਤਾ ਹੈ ਕਿਉਂਕਿ ਇਹੀ ਸ੍ਰੇਸ਼ਠ ਜੂਨ ਹੈ ਅਤੇ ਇਸੇ ਰਾਹੀਂ ਪਰਮਾਤਮਾ ਨਾਲ ਅਭੇਦਤਾ ਪ੍ਰਾਪਤ ਕੀਤੀ ਜਾ ਸਕਦੀ ਹੈ, ਬਾਕੀ ਜੂਨਾਂ ਤਾਂ ਪ੍ਰਾਲਬਧ ਕਰਮਾਂ ਦਾ ਫਲ ਭੋਗਣ ਲਈ ਹੁੰਦੀਆਂ ਹਨ। ਮਨੁੱਖ ਦੀ ਦੇਹ ਦੇਵਤਿਆਂ ਦੇ ਸ਼ਰੀਰ ਤੋਂ ਅਧਿਕ ਉੱਤਮ ਹੈ। ਇਹ ਆਤਮਾ ਦਾ ਵਾਹਨ ਹੈ। ਇਸੇ ਰਾਹੀਂ ਨਾਮ ਦੀ ਪ੍ਰਾਪਤੀ ਸੰਭਵ ਹੋ ਸਕਦੀ ਹੈ। ਪਰ ਇਹ ਸਾਰਾ ਕੁਝ ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰਨ ਨਾਲ ਹੀ ਹੋ ਸਕਦਾ ਹੈ — ਇਸੁ ਕਾਇਆ ਅੰਦਰਿ ਨਾਮੁ ਨਉਨਿਧਿ ਪਾਈਐ ਗੁਰ ਕੈ ਸਬਦਿ ਬੀਚਾਰਾ (ਗੁ.ਗ੍ਰੰ.754)। ਇਹ ਸ਼ਰੀਰ ਨਾਸ਼ਮਾਨ ਹੈ, ਪਰ ਇਸ ਵਿਚ ਸਥਿਤ ਆਤਮਾ ਸਥਾਈ ਅਤੇ ਸਦੀਵੀ ਹੈ। ਸ਼ਰੀਰ ਅਸਲੋਂ ਮਿੱਟੀ ਦਾ ਪੁੱਤਲਾ ਹੋਣ ਨਾਤੇ ਤ੍ਰਿਗੁਣਾਤਮਕ ਹੈ।

            ਸੰਸਾਰ ਦੇ ਪ੍ਰਾਣੀਆਂ ਨੂੰ ਭਰਮਿਤ ਕਰਨ ਲਈ ਪ੍ਰਭੂ ਨੇ ਮਾਇਆ ਦੀ ਰਚਨਾ ਕੀਤੀ ਹੋਈ ਹੈ। ਇਸ ਦੇ ਪ੍ਰਪੰਚ ਵਿਚ ਫਸ ਕੇ ਮਨੁੱਖ ਆਪਣੇ ਵਾਸਤਵਿਕ ਮਾਰਗ ਤੋਂ ਖੁੰਝ ਜਾਂਦਾ ਹੈ ਅਤੇ ਆਪਣੇ ਅਧਿਆਤਮਿਕ ਭਵਿਖ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਲੈਂਦਾ ਹੈ। ਪਰ ਇਸ ਦਾ ਪ੍ਰਭਾਵ ਪ੍ਰਭੂ ਤੋਂ ਮੁਨਕਰ ਹੋਏ ਮਨਮੁਖਾਂ ਉਤੇ ਪੈਂਦਾ ਹੈ, ਭਗਤ ਸਾਧਕਾਂ ਦੀ ਤਾਂ ਇਹ ਦਾਸੀ ਬਣ ਕੇ ਰਹਿੰਦੀ ਹੈ— ਮਾਇਆ ਦਾਸੀ ਭਗਤਾ ਕੀ ਕਾਰ ਕਮਾਵੈ (ਗੁ.ਗ੍ਰੰ.231)।

            ਜਾਗਤਿਕ ਪ੍ਰਪੰਚ ਤੋਂ ਬਚਣਾ ਅਤੇ ਸ਼ੁੱਧ-ਸਰੂਪ ਵਿਚ ਵਿਲੀਨ ਹੋਣਾ ਹੀ ਮੁਕਤੀ ਦੀ ਅਵਸਥਾ ਹੈ। ਗੁਰੂ ਜੀ ਨੇ ਇਸ ਨੂੰ ‘ਜੋਤੀ ਜੋਤਿ ਮਿਲਾਈ’ ਕਿਹਾ ਹੈ। ਇਸ ਲਈ ਸ਼ਰੀਰ ਤਿਆਗਣ ਦੀ ਲੋੜ ਨਹੀਂ, ਦੇਹੀ ਦੇ ਰਹਿੰਦਿਆਂ ਵੀ ਮੁਕਤੀ ਪ੍ਰਾਪਤ ਹੋ ਸਕਦੀ ਹੈ।

            ਜਿਗਿਆਸੂ ਨੂੰ ਮੁਕਤ ਅਵਸਥਾ ਪ੍ਰਾਪਤ ਕਰਨ ਲਈ ਕਿਸ ਸਾਧਨ ਨੂੰ ਅਪਣਾਉਣਾ ਚਾਹੀਦਾ ਹੈ ? ਇਸ ਬਾਰੇ ਗੁਰੂ ਜੀ ਨੇ ਆਪਣੀ ਬਾਣੀ ਵਿਚ ਵਿਸਤਾਰ ਨਾਲ ਝਾਤ ਪਾਈ ਹੈ। ਯਾਦ ਰਹੇ ਕਿ ਗੁਰੂ ਜੀ ਨੇ ਸਾਧਨਾ ਦੀ ਕਿਸੇ ਵੀ ਪ੍ਰਾਚੀਨ ਪੱਧਤੀ ਦਾ ਖੰਡਨ ਨਹੀਂ ਕੀਤਾ, ਜੇ ਕਿਤੇ ਖੰਡਨਾਤਮਕ ਸਵਰ ਮਿਲਦਾ ਹੈ ਤਾਂ ਉਨ੍ਹਾਂ ਦੇ ਰੂੜ੍ਹ ਰੂਪਾਂ ਦਾ ਜੋ ਯੁਗ ਨਾਲ ਕਦਮ ਨਹੀਂ ਮਿਲਾ ਸਕੇ। ਗੁਰੂ ਜੀ ਦਾ ਅਧਿਕ ਬਲ ਪ੍ਰੇਮ-ਭਗਤੀ ਉਤੇ ਹੈ ਕਿਉਂਕਿ ਕਲਿਯੁਗ ਵਿਚ ਭਵਸਾਗਰ ਨੂੰ ਪਾਰ ਕਰਨ ਦਾ ਇਹੀ ਇਕ-ਮਾਤ੍ਰ ਉਪਾ ਹੈ। ਅਸਲ ਵਿਚ, ਉਨ੍ਹਾਂ ਦੀ ਬਾਣੀ ਦਾ ਮੂਲ ਵਿਸ਼ਾ ਭਗਤੀ- ਸਾਧਨਾ ਅਤੇ ਉਸ ਦੇ ਵਖ ਵਖ ਪੱਖਾਂ ਨਾਲ ਸੰਬੰਧਿਤ ਹੈ। ਗੁਰੂ ਜੀ ਆਪ ਇਕ ਅਦੁੱਤੀ ਭਗਤ ਸਾਧਕ ਸਨ। ਉਨ੍ਹਾਂ ਨੇ ਆਪਣੀ ਭਗਤੀ ਦੇ ਬਲ’ਤੇ ਹੀ ਅਧਿਆਤਮਿਕ ਖੇਤਰ ਵਿਚ ਸਰਬ-ਉਚ ਸਥਾਨ ਪ੍ਰਾਪਤ ਕੀਤਾ ਸੀ। ਗੁਰੂ ਜੀ ਨੇ ਨਾਮ-ਸਾਧਨਾ , ਹੁਕਮ ਮੰਨਣ ਪ੍ਰਤਿ ਵਿਸ਼ੇਸ਼ ਰੁਚੀ, ਗੁਰੂ ਅਤੇ ਸਾਧ-ਸੰਗਤ ਦਾ ਸੰਪਰਕ ਅਤੇ ਸਮਾਜਿਕ ਦੁਰਵ੍ਰਿਤੀਆਂ ਦੇ ਤਿਆਗ ਆਦਿ ਪੱਖਾਂ ਉਤੇ ਬਹੁਤ ਬਲ ਦਿੱਤਾ ਹੈ।

            ਗੁਰੂ ਅਮਰਦਾਸ ਨੇ ਸੇਵਾ ਉਤੇ ਵੀ ਬਹੁਤ ਬਲ ਦਿੱਤਾ ਹੈ। ਉਹ ਆਪ ਸੇਵਾ ਦੇ ਮੁਜਸਮੇ ਸਨ। ਉਨ੍ਹਾਂ ਦਾ ਸਾਰਾ ਜੀਵਨ ਸੇਵਾਮਈ ਹੈ। ਇਹੀ ਕਾਰਣ ਹੈ ਕਿ ਉਨ੍ਹਾਂ ਦੀ ਬਾਣੀ ਵਿਚ ਸੇਵਾ ਦੀ ਭਾਵਨਾ ਦਾ ਸ੍ਵਰ ਬਹੁਤ ਉੱਚਾ ਹੈ। ਆਪ ਦੀ ਬਾਣੀ ਵਿਚ ਸੇਵਾ ਦੇ ਦੋ ਰੂਪ ਦ੍ਰਿਸ਼ਟੀਗੋਚਰ ਹੁੰਦੇ ਹਨ — ਪ੍ਰਭ ਦੀ ਸੇਵਾ ਅਤੇ ਗੁਰੂ ਦੀ ਸੇਵਾ। ਗੁਰੂ ਚੂੰਕਿ ਸੰਸਾਰ ਵਿਚ ਪ੍ਰਭੂ ਦਾ ਸਾਕਾਰ ਰੂਪ ਹੈ, ਇਸ ਲਈ ਬੁਨਿਆਦੀ ਤੌਰ’ਤੇ ਇਨ੍ਹਾਂ ਦੋਹਾਂ ਤਰ੍ਹਾਂ ਦੀਆਂ ਸੇਵਾਵਾਂ ਵਿਚ ਕਿਸੇ ਪ੍ਰਕਾਰ ਦਾ ਕੋਈ ਅੰਤਰ ਨਹੀਂ ਹੈ। ਪਰ ਸ਼ੁੱਧ ਹਿਰਦੇ ਅਥਵਾ ਸਾਤਵਿਕ ਵ੍ਰਿੱਤੀ ਵਾਲੇ ਦੀ ਸੇਵਾ ਹੀ ਪ੍ਰਵਾਨ ਹੁੰਦੀ ਹੈ — ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ (ਗੁ.ਗ੍ਰੰ.28)। ਸਭ ਵਿਚ ਪਰਮਾਤਮਾ ਦੇ ਪ੍ਰਤਿਬਿੰਬਤ ਹੋਣ ਕਾਰਣ ਸੇਵਾ ਦੇ ਪਰਿਵੇਸ਼ ਵਿਚ ਮਨੁੱਖਤਾ ਦੀ, ਪ੍ਰਾਣੀ ਮਾਤ੍ਰ ਦੀ ਸੇਵਾ ਵੀ ਸਮੋਈ ਜਾਂਦੀ ਹੈ।

            ਸਾਹਿਤਿਕਤਾ: ਗੁਰੂ ਜੀ ਨੇ ਜਿਗਿਆਸੂ ਨੂੰ ਅਧਿਆਤਮਿਕਤਾ ਅਤੇ ਧਾਰਮਿਕਤਾ ਦੇ ਵਿਭਿੰਨ ਪੱਖਾਂ ਨੂੰ ਸਮਝਾਉਣ ਅਤੇ ਆਪਣੀ ਵਿਸਮਾਦੀ ਅਨੁਭੂਤੀ ਨਾਲ ਪਰਿਚਿਤ ਕਰਾਉਣ ਲਈ ਕਾਵਿ ਨੂੰ ਸਾਧਨ ਬਣਾਇਆ। ਇਸ ਤੋਂ ਭਿੰਨ ਉਨ੍ਹਾਂ ਦਾ ਕੋਈ ਹੋਰ ਉਦੇਸ਼ ਹੋਣਾ ਪ੍ਰਤੀਤ ਨਹੀਂ ਹੁੰਦਾ। ਚੂੰਕਿ ਗੁਰੂ ਜੀ ਦੀ ਬਾਣੀ ਦੇ ਪ੍ਰਤਿਪਾਦਿਤ ਵਿਚਾਰ ਬੜੇ ਗੰਭੀਰ , ਸਵੈ-ਅਨੁਭੂਤ ਅਤੇ ਸਚ-ਆਧਾਰਿਤ ਸਨ, ਇਸ ਲਈ ਉਨ੍ਹਾਂ ਦੀ ਅਭਿਵਿਅਕਤੀ ਵੀ ਬੜੀ ਯਥਾਰਥ, ਸਰਲ ਅਤੇ ਹਿਰਦੇ ਉਤੇ ਸਿਧਾ ਪ੍ਰਭਾਵ ਪਾਉਣ ਵਾਲੀ ਹੈ। ਉਸ ਵਿਚ ਭਾਵ-ਏਕਤਾ ਦੇ ਨਾਲ ਨਾਲ ਕਥਨ- ਸ਼ਕਤੀ ਵੀ ਬਹੁਤ ਪ੍ਰਬਲ ਹੈ। ਉਸ ਵਿਚ ਜੇ ਇਕ ਪਾਸੇ ਅਧਿਆਤਮਿਕ ਵਾਤਾਵਰਣ ਸਿਰਜਨ ਦੀ ਅਦੁੱਤੀ ਪ੍ਰਬੀਨਤਾ ਹੈ ਤਾਂ ਦੂਜੇ ਪਾਸੇ ਤੀਬਰ ਪ੍ਰਵਾਹਮਾਨਤਾ ਵੀ ਹੈ।

            ਗੁਰੂ ਜੀ ਦੀ ਸਾਰੀ ਬਾਣੀ ਰਾਗਾਨੁਸ਼ਾਸਿਤ ਹੈ। ਆਪ ਨੇ ਆਪਣੀ ਬਾਣੀ 18 ਰਾਗਾਂ ਵਿਚ ਉੱਚਾਰਣ ਕੀਤੀ ਹੈ। ਸਪੱਸ਼ਟ ਹੈ ਕਿ ਗੁਰੂ ਜੀ ਨੂੰ ਰਾਗ-ਰਾਗਨੀਆਂ ਦੀਆਂ ਭਾਵਨਾਗਤ ਸੂਖਮਤਾਵਾਂ ਦਾ ਪੂਰਾ ਗਿਆਨ ਸੀ। ਉਨ੍ਹਾਂ ਨੇ ਕਿਤੇ ਕਿਤੇ ਕੁਝ ਰਾਗਾਂ (ਸਿਰੀ, ਗਉੜੀ, ਗੂਜਰੀ, ਵਡਹੰਸ, ਧਨਾਸਰੀ, ਸੂਹੀ, ਬਿਲਾਵਲ, ਰਾਮਕਲੀ, ਬਸੰਤ, ਮਲਾਰ, ਕੇਦਾਰਾ) ਬਾਰੇ ਆਪਣੀਆਂ ਮੌਲਿਕ ਸਥਾਪਨਾਵਾਂ ਵੀ ਕੀਤੀਆਂ ਹਨ। ਉਦਾਹਰਣ ਲਈ: (1) ਗੁਰਮੁਖਿ ਮਲਾਰ ਰਾਗੁ ਜੋ ਕਰਹਿ ਤਿਨ ਮਨੁ ਤਨੁ ਸੀਤਲੁ ਹੋਇ ਗੁਰਸਬਦੀ ਏਕੁ ਪਛਾਣਿਆ ਏਕੋ ਸਚਾ ਸੋਇ (ਗੁ.ਗ੍ਰੰ.1285)। (2) ਧਨਾਸਰੀ ਧਨਵੰਤੀ ਜਾਣੀਐ ਭਾਈ ਜਾ ਸਤਿਗੁਰ ਕੀ ਕਾਰ ਕਮਾਇ (ਗੁ.ਗ੍ਰੰ.1419)। ਕੇਦਾਰਾ ਰਾਗ ਵਿਚ ਭਾਵੇਂ ਗੁਰੂ ਜੀ ਨੇ ਬਾਣੀ ਦੀ ਰਚਨਾ ਨਹੀਂ ਕੀਤੀ, ਪਰ ਉਸ ਰਾਗ ਦੇ ਅਧਿਆਤਮਿਕ ਕਰਤੱਵ ਬਾਰੇ ਆਪਣੀ ਮਾਨਤਾ ਜ਼ਰੂਰ ਸਪੱਸ਼ਟ ਕੀਤੀ ਹੈ — ਕੇਦਾਰਾ ਰਾਗਾ ਵਿਚਿ ਜਾਣੀਅੇ ਭਾਈ ਸਬਦੇ ਕਰੇ ਪਿਆਰੁ ਸਤ ਸੰਗਤਿ ਸਿਉ ਮਿਲਦੋ ਰਹੈ ਸਚੇ ਧਰੈ ਪਿਆਰੁ... (ਗੁ.ਗ੍ਰੰ.1087)। ਇਸ ਸੰਬੰਧ ਵਿਚ ਇਹ ਗੱਲ ਵਿਚਾਰਨਯੋਗ ਹੈ ਕਿ ਗੁਰੂ ਜੀ ਨੇ ਸੰਗੀਤ ਦੀ ਵਰਤੋਂ ਪ੍ਰਭੂ ਦੇ ਜਸ ਗਾਉਣ ਲਈ ਕੀਤੀ ਹੈ, ਨ ਕਿ ਸੰਗੀਤ ਦੀਆਂ ਸ਼ਾਸਤ੍ਰੀ ਆਵੱਸ਼ਕਤਾਵਾਂ ਨੂੰ ਕੋਈ ਅਹਿਮੀਅਤ ਦਿੱਤੀ ਹੈ। ਅਸਲੋਂ ਕੀਰਤਨ ਗੀਤ/ਸੰਗੀਤ ਨਹੀਂ, ਉਸਤਤ-ਮਈ ਪਦਿਆਂ ਦਾ ਸੰਗੀਤ ਦੇ ਸੰਦਰਭ ਵਿਚ ਗਾਇਨ ਹੈ। ਇਸ ਲਈ ਇਸ ਦਾ ਸਰੂਪ ਪ੍ਰਕ੍ਰਿਆਤਮਕ ਹੈ, ਵਸਤੂ-ਪਰਕ ਨਹੀਂ। ਇਸ ਤੱਥ ਵਲ ਗੁਰੂ ਜੀ ਨੇ ਕਈਆਂ ਥਾਂਵਾਂ’ਤੇ ਸੰਕੇਤ ਕੀਤਾ ਹੈ — ਅਨਦਿਨੁ ਕੀਰਤਨੁ ਸਦਾ ਕਰਹਿ ਗੁਰ ਕੈ ਸਬਦਿ ਅਪਾਰਾ ਸਬਦੁ ਗੁਰੂ ਕਾ ਸਦ ਉਚਰਹਿ ਜੁਗੁ ਜੁਗੁ ਵਰਤਾਵਣਹਾਰਾ (ਗੁ.ਗ੍ਰੰ.593)।

            ਗੁਰੂ ਅਮਰਦਾਸ ਨੇ ਬਾਣੀ ਦੀ ਰਚਨਾ ਗੁਰੂ-ਗੱਦੀ ਮਿਲਣ ਉਪਰੰਤ ਕਰਨੀ ਸ਼ੁਰੂ ਕੀਤੀ ਸੀ ਜਦੋਂ ਉਨ੍ਹਾਂ ਦੀ ਆਯੂ ਸੱਤਰ ਵਰ੍ਹਿਆਂ ਤੋਂ ਉਪਰ ਹੋ ਚੁਕੀ ਸੀ। ਇਸ ਲਈ ਆਪ ਦੀ ਬਾਣੀ ਵਿਚ ਵੈਰਾਗ ਦੀ ਭਾਵਨਾ ਅਧਿਕ ਅਭਿਵਿਅਕਤ ਹੋਈ ਹੈ। ਪਰ ਇਹ ਵੈਰਾਗ- ਭਾਵਨਾ ਸੰਸਾਰ ਨੂੰ ਤਿਆਗਣ ਅਥਵਾ ਇਸ ਤੋਂ ਕਿਨਾਰਾ ਕਰਨ ਵਾਲੀ ਨਹੀਂ, ਸਗੋਂ ਸੰਸਾਰਿਕਤਾ ਵਿਚ ਰਹਿੰਦੇ ਹੋਇਆਂ ਇਸ ਤੋਂ ਅਪ੍ਰਭਾਵਿਤ ਹੋ ਕੇ ਹਰ ਵਕਤ ਹਰਿ ਵਿਚ ਲਿਵਲੀਨ ਹੋਣਾ ਹੈ — ਇਵ ਕਹੈ ਨਾਨਕੁ ਸੋ ਬੈਰਾਗੀ ਅਨਦਿਨੁ ਹਰਿ ਲਿਵ ਲਾਵਏ (ਗੁ.ਗ੍ਰੰ.440)। ਇਸ ਤਰ੍ਹਾਂ ਬਾਣੀ ਤੋਂ ਅਧਿਕਤਰ ਸ਼ਾਂਤ-ਰਸ ਦਾ ਆਭਾਸ ਹੁੰਦਾ ਹੈ। ਪਰ ਇਹ ਸ਼ਾਂਤ-ਰਸ ਭਗਤੀ-ਰਸ ਦਾ ਪੂਰਕ ਹੈ। ਭਗਤੀ ਦੀ ਪ੍ਰਧਾਨਤਾ ਕਾਰਣ ਸੰਯੋਗ ਅਤੇ ਵਿਯੋਗ ਦੀ ਉਜਵਲ ਅਭਿਵਿਅਕਤੀ ਹੋਈ ਹੈ। ਨਿਮਰਤਾ, ਆਜਜ਼ੀ ਅਤੇ ਵਿਯੋਗ ਦੀ ਅਸੁਖਾਵੀਂ ਸਥਿਤੀ ਦਾ ਬੜਾ ਮਾਰਮਿਕ ਵਰਣਨ ਆਪ ਦੀ ਬਾਣੀ ਦੀ ਸ਼ੈਲੀ-ਗਤ ਵਿਸ਼ਿਸ਼ਟਤਾ ਹੈ — ਮਿਲੁ ਮੇਰੇ ਪ੍ਰੀਤਮਾ ਜੀਉ ਤੁਧੁ ਬਿਨੁ ਖਰੀ ਨਿਮਾਣੀ ਮੈ ਨੈਣੀ ਨੀਦ ਆਵੈ ਜੀਉ ਭਾਵੈ ਅੰਨੁ ਪਾਣੀ ਪਾਣੀ ਅੰਨੁ ਭਾਵੈ ਮਰੀਐ ਹਾਵੈ ਬਿਨੁ ਪਿਰ ਕਿਉ ਸੁਖੁ ਪਾਈਐ (ਗੁ.ਗ੍ਰੰ.244)।

            ਪ੍ਰਤੀਕਾਂ ਅਤੇ ਅਲੰਕਾਰਾਂ ਦੀ ਵਰਤੋਂ ਤੋਂ ਇਲਾਵਾ ਗੁਰੂ ਜੀ ਦੇ ਵਿਸ਼ਾਲ ਅਨੁਭਵ ਦਾ ਪਰਿਚਯ ਉਨ੍ਹਾਂ ਦੇ ਬਿੰਬ- ਵਿਧਾਨ ਤੋਂ ਹੁੰਦਾ ਹੈ। ਇਹ ਬਿੰਬ ਰੂਪ, ਨਾਦ, ਸਪਰਸ਼, ਰਸ , ਗੰਧ ਆਦਿ ਸਾਰੀਆਂ ਇੰਦ੍ਰੀਆਂ ਨਾਲ ਸੰਬੰਧਿਤ ਹੋਣ ਤੋਂ ਇਲਾਵਾ ਇਤਿਹਾਸਿਕ, ਪੌਰਾਣਿਕ ਅਤੇ ਪ੍ਰਾਕ੍ਰਿਤਿਕ ਖੇਤਰਾਂ ਤੋਂ ਵੀ ਬਹੁਤ ਸਾਮਗ੍ਰੀ ਲੈਂਦੇ ਹਨ।

            ਗੁਰੂ ਜੀ ਦੀ ਬਾਣੀ ਵਿਚ ਭਾਵੇਂ ਪੁਰਾਣੀ ਹਿੰਦੀ ਜਾਂ ਸਧੁੱਕੜੀ ਦਾ ਕਾਫ਼ੀ ਅੰਸ਼ ਮੌਜੂਦ ਹੈ, ਪਰ ਉਨ੍ਹਾਂ ਦੀ ਭਾਸ਼ਾ ਦਾ ਪਿੰਡਾ ਪੰਜਾਬੀ ਹੈ। ਸਧੁੱਕੜੀ ਦਾ ਅੰਸ਼ ਵੀ ਬਹੁਤ ਔਖਾ ਨਹੀਂ, ਸਾਧਾਰਣ ਵਰਗ ਦੇ ਜਿਗਿਆਸੂਆਂ ਦੀ ਸੂਝ- ਸੀਮਾ ਦੇ ਅੰਤਰਗਤ ਹੈ। ਇਹ ਅੰਸ਼ ਚਉਪਦਿਆਂ ਅਤੇ ਅਸ਼ਟਪਦੀਆਂ ਵਿਚ ਕੁਝ ਅਧਿਕ ਹੈ, ਪਰ ਵਾਰਾਂ ਅਤੇ ਸ਼ਲੋਕਾਂ ਵਿਚ ਘਟ। ਇਸ ਦਾ ਕਾਰਣ ਇਹ ਪ੍ਰਤੀਤ ਹੁੰਦਾ ਹੈ ਕਿ ਜਿਥੇ ਕਾਵਿ-ਗਤ ਜਾਂ ਸ਼ੈਲੀ-ਗਤ ਰੂਪ ਪੁਰਾਣੀ ਹਿੰਦੀ ਪਰੰਪਰਾ ਵਾਲਾ ਹੈ, ਉਥੇ ਸਧੁੱਕੜੀ ਦੀ ਅਧਿਕਤਾ ਹੈ ਅਤੇ ਜਿਥੇ ਪੰਜਾਬੀ ਕਾਵਿ-ਰੂਪ ‘ਵਾਰ’ ਨੂੰ ਵਰਤਿਆ ਗਿਆ ਹੈ, ਉਥੇ ਸਧੁੱਕੜੀ ਦਬ ਗਈ ਹੈ। ਆਪ ਜੀ ਦੀ ਬਾਣੀ ਦਾ ਪੰਜਾਬੀਪਨ ਕੇਂਦਰੀ ਪੰਜਾਬੀ ਦੇ ਨੇੜੇ ਹੈ। ਇਸ ਨੂੰ ਬਿਲਕੁਲ ਜਨ-ਸਾਧਾਰਣ ਦੀ ਭਾਸ਼ਾ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਸ ਵਿਚ ਕਾਵਿ-ਭਾਸ਼ਾ ਵਾਲੇ ਗੁਣ ਵੀ ਮੌਜੂਦ ਹਨ। ਅਧਿਆਤਮਿਕ ਵਿਸ਼ੇ ਨਾਲ ਸੰਬੰਧਿਤ ਹੋਣ ਕਾਰਣ ਇਸ ਵਿਚ ਆਵੱਸ਼ਕ ਗੰਭੀਰਤਾ ਵੀ ਹੈ ਅਤੇ ਕਿਤੇ ਕਿਤੇ ਬੌਧਿਕ ਪੱਧਰ ਕੁਝ ਉੱਚੀ ਵੀ ਹੈ। ਇਹ ਭਾਸ਼ਾ ਸੰਯੋਗਾਤਮਕ ਨੁਹਾਰ ਵਾਲੀ ਹੈ। ਇਸ ਵਿਚ ਸੰਸਕ੍ਰਿਤ , ਅਪਭ੍ਰੰਸ਼ ਦੀਆਂ ਵਿਭਕਤੀਆਂ ਅਤੇ ਉਕਾਰਾਂਤ ਤੇ ਇਕਾਰਾਂਤ ਦੇ ਪ੍ਰਯੋਗ ਆਮ ਮਿਲਦੇ ਹਨ। ਸਮੁੱਚੇ ਰੂਪ ਵਿਚ ਗੁਰੂ ਜੀ ਦੀ ਭਾਸ਼ਾ ਬੜੀ ਸਸ਼ਕਤ ਅਤੇ ਵਿਸ਼ੇ ਦੇ ਪ੍ਰਤਿਪਾਦਨ ਵਿਚ ਸਫਲ ਰਹੀ ਹੈ।

            ਸਾਰਾਂਸ਼ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਗੁਰੂ ਅਮਰਦਾਸ ਜੀ ਨੇ ਬਿਰਧ ਅਵਸਥਾ ਵਿਚ ਬਾਣੀ ਰਚ ਕੇ ਉਸ ਵਿਚ ਜੀਵਨ-ਅਨੁਭਵ ਦਾ ਨਿਚੋੜ ਭਰ ਦਿੱਤਾ ਹੈ ਜੋ ਜਿਗਿਆਸੂਆਂ ਲਈ ਸਹੀ ਪਥ-ਪ੍ਰਦਰਸ਼ਕ ਅਤੇ ਅਤਿ- ਅਧਿਕ ਪ੍ਰੇਰਣਾਦਾਇਕ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3126, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.